Site icon NewSuperBharat

ਸਰਕਾਰੀ ਹਸਪਤਾਲਾਂ ਪ੍ਰਤੀ ਆਮ ਲੋਕਾਂ ਦੀ ਸੋਚ ਬਦਲ ਰਿਹਾ ਕੋਰੋਨਾ

ਅੰਮ੍ਰਿਤਸਰ / 16 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਸਰਕਾਰੀ ਹਸਪਤਾਲ ਜਿਸ ਵਿਚ ਅੰਮ੍ਰਿਤਸਰ ਦਾ ਸਿਵਲ ਹਸਪਤਾਲ ਦੇ ਨਾਲ-ਨਾਲ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਅਤੇ ਹਸਪਤਾਲ ਵੀ ਸ਼ਾਮਿਲ ਹਨ, ਕੋਰੋਨਾ ਸੰਕਟ ਵਿਚ ਲਗਾਤਾਰ ਦਿਨ-ਰਾਤ ਮਰੀਜਾਂ ਦੀ ਟੈਸਟਿੰਗ, ਇਲਾਜ ਅਤੇ ਸਾਂਭ-ਸੰਭਾਲ ਵਿਚ ਲੱਗੇ ਹੋਏ ਹਨ। ਇਸ ਮੌਕੇ ਕਈ ਨਿੱਜੀ ਹਸਪਤਾਲਾਂ ਨੇ ਆਪਣੀ ਓ ਪੀ ਡੀ ਤੱਕ ਬੰਦ ਕਰ ਰੱਖੀ ਸੀ, ਉਸ ਵੇਲੇ ਇੰਨਾਂ ਸਰਕਾਰੀ ਡਾਕਟਰਾਂ ਦੀਆਂ ਸੇਵਾਵਾਂ ਕਈਆਂ ਲਈ ਰੱਬ ਵਾਂਗ ਬਹੁੜੀਆਂ। ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਜਿਲਾ ਪ੍ਰਸ਼ਾਸਨ ਵੱਲੋਂ ਬਣਾਏ ਗਏ ਇਕਾਂਤਵਾਸ ਕੇਂਦਰਾਂ ਵਿਚ ਵੀ ਇਹੀ ਡਾਕਟਰ ਅਤੇ ਅਮਲੇ ਦੀ ਅਗਵਾਈ ਹੇਠ ਮਰੀਜਾਂ ਦਾ ਇਲਾਜ ਚੱਲ ਰਿਹਾ ਹੈ। ਹੁਣ ਤੱਕ ਅੰਮ੍ਰਿਤਸਰ ਜਿਲੇ ਦੇ 5000 ਤੋਂ ਵੱਧ ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਘਰਾਂ ਨੂੰ ਗਏ ਹਨ, ਉਨਾਂ ਵਿਚੋਂ ਵੀ ਵੱਡੀ ਗਿਣਤੀ ਮਰੀਜਾਂ ਨੂੰ ਇੰਨਾਂ ਡਾਕਟਰਾਂ ਦੀ ਬਦੌਲਤ ਨਵੀਂ ਜਿੰਦਗੀ ਮਿਲੀ ਹੈ।

ਕਈ ਕੇਸ ਅਜਿਹੇ ਵੀ ਵੇਖਣ ਨੂੰ ਮਿਲ ਰਹੇ ਹਨ, ਜੋ ਕਿ ਪਹਿਲਾਂ ਸਰਕਾਰੀ ਹਸਪਤਾਲ ਜਾਣਾ ਤਾਂ ਦੂਰ ਆਪਣੇ ਅੰਦਰ ਇੰਨਾਂ ਪ੍ਰਤੀ ਬਹੁਤ ਮਾੜਾ ਪ੍ਰਭਾਵ ਬਣਾ ਕੇ ਬੈਠੇ ਸਨ, ਪਰ ਹੁਣ ਜਦੋਂ ਕੋਰੋਨਾ ਵਿਚ ਉਥੇ ਦਾਖਲ ਹੋਏ ਹਨ, ਤਾਂ ਇੰਨਾਂ ਹਸਪਤਾਲਾਂ ਦੀ ਸਿਫਤ ਕਰਨੋ ਨਹੀਂ ਹਟਦੇ। ਸ੍ਰੀ ਰਜਨੀਸ਼ ਉਬਰਾਏ ਵਾਸੀ ਰਾਣੀ ਕਾ ਬਾਗ ਅੰਮ੍ਰਿਤਸਰ ਜਿੰਨਾ ਦੀ ਸੋਚ ਸਰਕਾਰੀ ਹਸਪਤਾਲਾਂ ਨੂੰ ਲੈ ਕੇ ਬਹੁਤੀ ਚੰਗੀ ਨਹੀਂ ਸੀ ਅਤੇ ਉਹ ਵੀ ਲੋਕਾਂ ਦੀਆਂ ਫੈਲਾਈਆਂ ਅਫਵਾਹਾਂ ਨੂੰ ਸੱਚ ਮੰਨਦੇ ਸਨ, ਜਦੋਂ ਕੋਰੋਨਾ ਦੇ ਮਰੀਜ਼ ਬਣ ਕੇ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਅਤੇ ਹਸਪਤਾਲ ਦਾਖਲ ਹੋਏ ਤਾਂ ਉਥੋਂ ਦੇ ਡਾਕਟਰਾਂ ਅਤੇ ਬਾਕੀ ਅਮਲੇ ਦਾ ਵਿਵਹਾਰ, ਇਲਾਜ, ਸਹੂਲਤਾਂ ਵੇਖ ਕੇ ਅਤਿ ਪ੍ਰਸੰਨ ਹੋਏ। ਹਸਪਤਾਲ ਤੋਂ ਘਰ ਜਾਣ ਮੌਕੇ ਉਨਾਂ ਇਲਾਜ ਅਤੇ ਮਿਲੀਆਂ ਸਹੂਲਤਾਂ ਲਈ ਸਾਰੇ ਸਟਾਫ ਦਾ ਧੰਨਵਾਦ ਕੀਤਾ। ਇਹ ਇਕ ਉਦਾਹਰਨ ਮਾਤਰ ਹੈ, ਬਹੁਤ ਸਾਰੇ ਮਰੀਜ਼ ਰੋਜ਼ਾਨਾ ਠੀਕ ਹੋ ਕੇ ਘਰਾਂ ਨੂੰ ਜਾ ਰਹੇ ਹਨ। ਬਸ ਲੋੜ ਹੈ ਸ਼ੱਕ ਪੈਣ ਉਤੇ ਆਪਣਾ ਟੈਸਟ ਕਰਵਾਉਣ ਅਤੇ ਇਲਾਜ ਲਈ ਅੱਗੇ ਆਉਣ ਦੀ। 

Exit mobile version