Site icon NewSuperBharat

ਡਿਪਟੀ ਕਮਿਸ਼ਨਰ ਵੱਲੋਂ ਕੋਰੋਨਾ ਸਬੰਧੀ ਲੋਕਾਂ ਵਿਚ ਪੈਦਾ ਹੋਈਆਂ ਗ਼ਲਤ ਧਾਰਨਾਵਾਂ ਖਤਮ ਕਰਨ ਉਤੇ ਜ਼ੋਰ

*ਰੋਜ਼ਾਨਾ 3 ਹਜ਼ਾਰ ਵਿਅਕਤੀ ਦੇ ਕੋਰੋਨਾ ਟੈਸਟ ਕਰਨੇ ਯਕੀਨੀ ਬਣਾਏ ਜਾਣਗੇ

ਅੰਮ੍ਰਿਤਸਰ / 5 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਕੋਰਨਾ ਦੀ ਮੌਜੂਦਾ ਸਥਿਤੀ ਉਤੇ ਨੋਡਲ ਅਧਿਕਾਰੀਆਂ ਤੇ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਕੀਤੀ ਸਮੀਖਿਆ ਮੀਟਿੰਗ ਨੂੰ ਸੰਬੋਧਨ ਕਰਦੇ ਕਿਹਾ ਕਿ ਕੋਵਿਡ -19 ਦੇ ਇਸ ਸੰਕਟਕਾਲੀ ਸਮੇਂ ਦੌਰਾਨ ਲੋਕਾਂ ਵਿੱਚ ਬਿਮਾਰੀ  ਨੂੰ ਲੈ ਕੇ ਗਲਤ ਧਾਰਨਾਵਾਂ ਪੈਦਾ ਹੋਈਆਂ ਹਨ, ਜਿਸ ਨਾਲ ਸਿਹਤ ਵਿਭਾਗ ਦੀਆਂ ਚੁਣੌਤੀਆਂ ਵਿਚ ਵਾਧਾ ਹੋਇਆ ਹੈ, ਜਿਸ ਨੂੰ ਤੁਰੰਤ ਦੂਰ ਕਰਨ ਦੀ ਲੋੜ ਹੈ।  

ਉਨਾਂ ਕਿਹਾ ਕਿ ਸਾਰੇ ਪਾਜ਼ੇਟਿਵ ਮਰੀਜ਼ਾਂ ਨੂੰ ਅਫ਼ਵਾਹਾਂ ਅਤੇ ਗ਼ਲਤ ਪ੍ਰਚਾਰ ਤੋਂ ਬਚਾਉਣ ਲਈ ਕੌਂਸਲਿੰਗ ਦੇ ਨਾਲ-ਨਾਲ ਕੋਰੋਨਾ ਸਬੰਧੀ ਭਰੋਸੇਯੋਗ ਅਤੇ ਸਹੀ ਜਾਣਕਾਰੀ  ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ।  ਉਨਾਂ ਕਿਹਾ ਕਿ ਗਲਤ ਪ੍ਰਚਾਰ ਕਾਰਨ ਆਮ ਲੋਕ ਕੋਰੋਨਾ ਦੇ ਟੈਸਟ ਕਰਵਾਉਣ ਤੋਂ ਕੰਨੀ ਕਤਰਾਉਣ ਲੱਗੇ ਹਨ, ਇਸ ਲਈ ਜ਼ਰੂਰੀ ਹੈ ਕਿ ਲੋਕਾਂ ਤੱਕ ਸਹੀ ਗੱਲ ਪਹੁੰਚਾਈ ਜਾਵੇ। ਉਨਾਂ ਕਿਹਾ ਕਿ ਸਾਨੂੰ ਆਪਣੀ ਸਮਰੱਥਾ ਅਨੁਸਾਰ ਰੋਜ਼ਾਨਾ ਕਰੀਬ 3 ਹਜ਼ਾਰ ਲੋਕਾਂ ਦੇ ਨਮੂਨੇ ਲੈਣੇ ਯਕੀਨੀ ਬਨਾਉਣੇ ਚਾਹੀਦੇ ਹਨ, ਤਾਂ ਕਿ ਕੋਰੋਨਾ ਦੀ ਲਾਗ ਅੱਗੇ ਤੋਂ ਅੱਗੇ ਨਾ ਫੈਲੇ ਅਤੇ ਪੀੜਤ ਵਿਅਕਤੀਆਂ ਦਾ ਇਲਾਜ ਇਕਾਂਤਵਾਸ ਵਿਚ ਰੱਖਕੇ ਕੀਤਾ ਜਾ ਸਕੇ।

ਉਨਾਂ ਕਿਹਾ ਕਿ ਗਿਆਨ ਦੀ ਘਾਟ ਕਰਕੇ ਬਹੁਤ ਸਾਰੀ ਗਲਤ ਜਾਣਕਾਰੀ  ਸਾਹਮਣੇ ਆ ਰਹੀ ਹੈ। ਲੋਕਾਂ ਦੇ ਮਨਾਂ ਵਿਚੋਂ  ਬਿਮਾਰੀ ਸਬੰਧੀ ਅਫਵਾਹਾਂ, ਡਰ ਤੇ ਗਲਤ ਧਾਰਨਾਵਾਂ ਨੂੰ ਖਤਮ ਕਰਨ ਲਈ  ਜਾਗਰੂਕਤਾ ਮੁਹਿੰਮ ਦੀ ਲੋੜ ਹੈ, ਜਿਸ ਵਿਚ ਲੋਕਾਂ ਦੇ ਚੁਣੇ ਹੋਏ ਨੁੰਮਾਇਦੇ ਪੰਚ, ਸਰਪੰਚ, ਕੌਸ਼ਲਰ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਦਾ ਸਾਥ ਲਿਆ ਜਾਵੇਗਾ।

ਉਨਾਂ ਕਿਹਾ ਕਿ ਕੋਵਿਡ ਸਬੰਧੀ  ਢੁਕਵੇਂ ਵਿਵਹਾਰ ਦੀ ਸਾਵਧਾਨੀਆਂ ਜਿਵੇਂ ਕਿ ਦੂਰੋਂ ਨਮਸਕਾਰ ਕਰਨਾ, ਹਰ ਸਮੇਂ ਮਾਸਕ ਪਹਿਨਣਾ, ਸਮਾਜਿਕ ਦੂਰੀ ਬਣਾਈ ਰੱਖਣਾ, ਆਪਣੀਆਂ ਅੱਖਾਂ-ਨੱਕ ਅਤੇ ਮੂੰਹ   ਨੂੰ ਛੂਹਣ ਤੋਂ ਬਚਣਾ , ਬੇਲੋੜੀ ਯਾਤਰਾ ਤੋਂ ਪਰਹੇਜ਼ ਕਰਨ  ਨੂੰ ਅਪਨਾਇਆ ਜਾਣਾ ਚਾਹੀਦਾ ਹੈ। ਇਸ ਮੌਕੇ ਉਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਸ਼ੂੰ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਣਬੀਰ ਸਿੰਘ ਮੂਧਲ, ਸ੍ਰੀਮਤੀ ਪਲਵੀ ਚੌਧਰੀ (ਆਈ. ਏ. ਐਸ.), ਸਹਾਇਕ ਕਮਿਸ਼ਨਰ ਸ੍ਰੀਮਤੀ ਅਨਮਜੋਤ ਕੌਰ, ਐਸ ਡੀ ਐਮ ਸ੍ਰੀ ਵਿਕਾਸ ਹੀਰਾ, ਐਸ ਡੀ ਐਮ ਸ੍ਰੀ ਸਿਵਰਾਜ ਸਿੰਘ ਬੱਲ, ਸਿਵਲ ਸਰਜਨ ਡਾ. ਨਵਦੀਪ ਸਿੰਘ, ਡਾ. ਕਰਨ ਮਹਿਰਾ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

Exit mobile version