ਕੋਰੋਨਾ ਤੋਂ ਠੀਕ ਹੋਏ ਮਰੀਜਾਂ ਨੇ ਕੀਤੀ ਆਮ ਲੋਕਾਂ ਨੂੰ ਕੋਵਿਡ-19 ਟੈਸਟ ਕਰਵਾਉਣ ਦੀ ਅਪੀਲ

ਅੰਮ੍ਰਿਤਸਰ / 14 ਅਗਸਤ / ਨਿਊ ਸੁਪਰ ਭਾਰਤ ਨਿਊਜ
ਜਿੱਥੇ ਕੋਰੋਨਾ ਵਿਰੁੱਧ ਲੜ ਰਹੀ ਪੰਜਾਬ ਸਰਕਾਰ ਆਮ ਲੋਕਾਂ ਨੂੰ ਕੋਵਿਡ-19 ਤੋਂ ਬਚਣ ਲਈ ਸਿਹਤ ਵਿਭਾਗ ਦੀਆਂ ਸਾਵਧਾਨੀਆਂ ਅਪਨਾਉਣ ਤੇ ਕੋਰੋਨਾ ਟੈਸਟ ਕਰਵਾਉਣ ਲਈ ਜਾਗਰੂਕਤਾ ਫੈਲਾਅ ਰਹੀ ਹੈ, ਉਥੇ ਕੋਰੋਨਾ ਤੋਂ ਠੀਕ ਹੋਏ ਮਰੀਜਾਂ ਨੇ ਵੀ ਸ਼ੱਕੀ ਵਿਅਕਤੀਆਂ ਨੂੰ ਆਪਣਾ ਕੋਵਿਡ ਟੈਸਟ ਬਿਨਾਂ ਕਿਸੇ ਦੇਰੀ ਦੇ ਕਰਵਾਉਣ ਦੀ ਅਪੀਲ ਕੀਤੀ ਹੈ। ਅੱਜ ਗੁਰੂ ਨਾਨਕ ਹਸਪਤਾਲ ਤੋਂ ਕੋਰੋਨਾ ਨੂੰ ਹਰਾ ਕੇ ਘਰ ਨੂੰ ਜਾ ਰਹੇ ਜਿਲਾ ਪਠਾਨਕੋਟ ਦੇ ਵਾਸੀ ਜਸਵੰਤ ਸਿੰਘ ਨੇ ਦੱਸਿਆ ਕਿ ਮੈਨੂੰ ਬੁਖਾਰ ਦੀ ਸਮੱਸਿਆ ਹੋਈ ਤਾਂ ਮੈਂ ਪਠਾਨਕੋਟ ਸਰਕਾਰੀ ਹਸਪਤਾਲ ਗਿਆ, ਜਿੰਨਾ ਕੋਰੋਨਾ ਟੈਸਟ ਕਰਵਾਇਆ ਅਤੇ ਟੈਸਟ ਪਾਜਿਟਵ ਆਉਣ ਉਤੇ ਮੈਨੂੰ ਇਲਾਜ ਲਈ ਅੰਮ੍ਰਿਤਸਰ ਭੇਜ ਦਿੱਤਾ। ਉਨਾਂ ਦੱਸਿਆ ਕਿ ਮੇਰਾ ਇਲਾਜ ਇੱਥੇ ਡਾ. ਤਰਸੇਮ ਸਿੰਘ ਦੀ ਵਾਰਡ ਵਿਚ ਹੋਇਆ ਅਤੇ ਅੱਜ ਮੈਂ ਠੀਕ ਹੋ ਕੇ ਆਪਣੇ ਘਰ ਨੂੰ ਜਾ ਰਿਹਾ ਹਾਂ। ਉਨਾਂ ਕਿਹਾ ਕਿ ਜੇਕਰ ਮੈਂ ਟੈਸਟ ਨਾ ਕਰਵਾਉਂਦਾ ਤਾਂ ਯਕੀਨਨ ਮੇਰਾ ਸਾਰਾ ਪਰਿਵਾਰ ਕੋਰੋਨਾ ਦਾ ਸ਼ਿਕਾਰ ਹੁੰਦਾ, ਪਰ ਟੈਸਟ ਕਰਵਾਉਣ ਦੀ ਕੀਤੀ ਪਹਿਲ ਨਾਲ ਜਿੱਥੇ ਮੇਰੀ ਜਾਨ ਬਚੀ ਉਥੇ ਮੇਰਾ ਪਰਿਵਾਰ ਵੀ ਬਿਮਾਰੀ ਤੋਂ ਬਚ ਗਿਆ। ਉਨਾਂ ਸਾਰੇ ਸ਼ੱਕੀ ਵਿਅਕਤੀਆਂ ਨੂੰ ਆਪਣਾ ਕੋਵਿਡ ਟੈਸਟ ਕਰਵਾਉਣ ਦੀ ਅਪੀਲ ਕੀਤੀ।
ਇਸੇ ਦੌਰਾਨ ਚਿੱਟਾ ਕਟੜਾ ਵਾਸੀ ਸ੍ਰੀ ਪਵਨ ਕੁਮਾਰ ਨੇ ਦੱਸਿਆ ਕਿ ਮੇਰੇ ਇਲਾਕੇ ਵਿਚੋਂ ਕੋਵਿਡ ਕੇਸ ਆਏ ਹੋਣ ਕਾਰਨ ਹੀ ਮੈਂ ਆਪਣਾ ਟੈਸਟ ਕਰਵਾ ਲਿਆ ਜੋ ਕਿ ਪਾਜਿਟਵ ਆਇਆ। ਇਥੋਂ ਮੈਂ ਇਲਾਜ ਲਈ ਗੁਰੂ ਨਾਨਕ ਹਸਪਤਾਲ ਆਇਆ ਅਤੇ ਇਲਾਜ ਕਰਵਾਇਆ, ਜੋ ਕਿ ਬਹੁਤ ਵਧੀਆ ਰਿਹਾ। ਉਨਾਂ ਜਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਤੁਸੀਂ ਆਪਣੀ ਇੱਛਾ ਨਾਲ ਟੈਸਟ ਕਰਵਾਉ ਅਤੇ ਜੇਕਰ ਪਾਜ਼ੀਟਵ ਆ ਵੀ ਜਾਂਦੇ ਹੋ ਤਾਂ ਇਲਾਜ ਲਈ ਸਰਕਾਰੀ ਹਸਪਤਾਲ ਆਉ, ਇਥੇ ਸਾਰਾ ਇਲਾਜ ਵਧੀਆ ਹੈ ਅਤੇ ਹੈ ਵੀ ਮੁਫ਼ਤ।