Site icon NewSuperBharat

ਕੋਰੋਨਾ ਨੂੰ ਖਤਮ ਕਰਨਾ ਹੈ ਤਾਂ ਲੋਕ ਟੈਸਟ ਕਰਵਾਉਣ ਲਈ ਅੱਗੇ ਆਉਣ-ਡਿਪਟੀ ਕਮਿਸ਼ਨਰ

*ਕੋਵਿਡ-19 ਪਾਜ਼ਿਟਵ ਆਏ ਵਿਅਕਤੀ ਨੂੰ ਵੀ ਹੁਣ ਘਰ ਵਿਚ ਕੀਤਾ ਜਾ ਸਕਦੈ ਇਕਾਂਤਵਾਸ **ਅੰਮ੍ਰਿਤਸਰ ਵਿਚ ਹੁਣ ਤੱਕ 60 ਹਜ਼ਾਰ ਦੇ ਕਰੀਬ ਲੋਕਾਂ ਦੇ ਕੋਵਿਡ ਟੈਸਟ ਹੋਏ

ਅੰਮ੍ਰਿਤਸਰ / 13 ਅਗਸਤ / ਨਿਊ ਸੁਪਰ ਭਾਰਤ ਨਿਊਜ

ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਜਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਨੂੰ ਖਤਮ ਕਰਨ ਲਈ ਸਰਕਾਰ ਦਾ ਸਾਥ ਦੇਣ ਅਤੇ ਥੋੜਾ ਜਿਹਾ ਸ਼ੱਕ ਪੈਣ ਉਤੇ ਵੀ ਆਪਣਾ ਟੈਸਟ ਕਰਵਾਉਣ ਲਈ ਸਿਹਤ ਵਿਭਾਗ ਨਾਲ ਰਾਬਤਾ ਕਰਨ। ਉਨਾਂ ਦੱਸਿਆ ਕਿ ਹਸਪਤਾਲਾਂ ਤੋਂ ਇਲਾਵਾ ਅਸੀਂ ਇਕ ਮੋਬਾਈਲ ਵੈਨ ਪਹਿਲਾਂ ਨਮੂਨੇ ਲੈਣ ਲਈ ਤਿਆਰ ਕਰਵਾਈ ਹੈ ਅਤੇ ਇਕ ਹੋਰ ਵੈਨ ਸ਼ੁਰੂ ਕਰਨ ਜਾ ਰਹੇ ਹਾਂ, ਤਾਂ ਕਿ ਲੋਕਾਂ ਨੂੰ ਟੈਸਟ ਕਰਵਾਉਣ ਲਈ ਵੀ ਦੂਰ ਨਾ ਜਾਣਾ ਪਵੇ। ਸ. ਖਹਿਰਾ ਨੇ ਦੱਸਿਆ ਕਿ ਹੁਣ ਤੱਕ ਅੰਮ੍ਰਿਤਸਰ ਜਿਲੇ ਵਿਚ 60 ਹਜ਼ਾਰ ਲੋਕਾਂ ਦੇ ਨਮੂਨੇ ਲੈ ਚੁੱਕੇ ਹਨ। ਇੰਨਾਂ ਵਿਚੋਂ 2574 ਮਰੀਜ਼ ਪਾਜ਼ਿਟਵ ਆਏ ਹਨ। ਇਸ ਤੋਂ ਇਲਾਵਾ ਵੱਖ-ਵੱਖ ਹਸਪਤਾਲਾਂ ਅਤੇ ਘਰਾਂ ਵਿਚ 514 ਐਕਟਿਵ ਕੇਸ ਹਨ ਅਤੇ ਬਦਕਿਸਮਤੀ ਨਾਲ 101 ਲੋਕਾਂ ਦੀ ਮੌਤ ਬੀਤੀ ਸ਼ਾਮ ਤੱਕ ਹੋਈ ਹੈ।

        ਸ. ਖਹਿਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਉਤੇ ਸਾਡੇ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ ਇਸ ਵੇਲੇ ਬਤੌਰ ਨੋਡਲ ਅਫਸਰ ਕੋਵਿਡ-19 ਕੰਮ ਕਰ ਰਹੇ ਹਨ ਅਤੇ ਉਨਾਂ ਦੀ ਡਿਊਟੀ ਇਸੇ ਕੰਮ ਉਤੇ ਲਗਾਈ ਹੈ, ਕਿ ਉਹ ਸਿਹਤ ਸਹੂਲਤਾਂ ਦਾ ਬਰਾਬਰ ਜਾਇਜ਼ਾ ਲੈਂਦੇ ਰਹਿਣ, ਤਾਂ ਜੋ ਮਰੀਜ਼ਾਂ ਦੀ ਦੇਖਭਾਲ ਵਿਚ ਰਤੀ ਭਰ ਵੀ ਕੁਤਾਹੀ ਨਾ ਹੋਵੇ।   ਸ. ਖਹਿਰਾ ਨੇ ਕਿਹਾ ਕਿ ਉਕਤ ਬਿਮਾਰੀ ਨਾਲ ਲੜਨ ਲਈ ਜ਼ਰੂਰੀ ਹੈ ਕਿ ਹਰੇਕ ਵਾਸੀ ਮਾਸਕ ਪਾਵੇ, ਹੱਥਾਂ ਦੀ ਸਫਾਈ ਕਰਦਾ ਰਹੇ ਅਤੇ ਆਪਸੀ ਦੂਰੀ ਰੱਖੋ। ਉਨਾਂ ਕਿਹਾ ਕਿ ਚਿੰਤਾ ਵਾਲੀ ਗੱਲ ਇਹ ਹੈ ਕਿ ਸਾਨੂੰ ਸਾਰਿਆਂ ਨੂੰ ਇਹ ਗੱਲਾਂ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਲਾਪਰਵਾਹੀ ਕਰ ਰਹੇ ਹਾਂ। ਲੋਕਾਂ ਵਿਚ ਕਿਧਰੇ ਨਾ ਕਿਧਰੇ ਇਹ ਵੀ ਧਾਰਨਾ ਬਣੀ ਹੈ ਕਿ ਇਸ ਬਿਮਾਰੀ ਨਾਲ ਕੁੱਝ ਨਹੀਂ ਹੁੰਦਾ, ਐਂਵੇ ਡਰ ਸੀ। ਉਨਾਂ ਕਿਹਾ ਕਿ ਇਹ ਧਾਰਨਾ ਸ਼ਹਿਰੀ ਤੇ ਪੇਂਡੂ ਦੋਵਾਂ ਪਾਸੇ ਬਣੀ ਹੋਈ ਹੈ, ਪਰ ਇਹ ਉਨਾਂ ਲੋਕਾਂ ਲਈ ਤਾਂ ਸਹੀ ਹੋ ਸਕਦੀ ਹੈ, ਜੋ ਕਿ ਰਿਸ਼ਟ-ਪੁਸ਼ਟ ਹੋਣ ਅਤੇ ਉਨਾਂ ਵਿਚ ਬਿਮਾਰੀ ਦਾ ਲੱਛਣ ਹੀ ਨਾ ਆਵੇ, ਪਰ ਇਹ ਹਲਾਤ ਸਾਰੇ ਮਰੀਜ਼ਾਂ ਉਤੇ ਲਾਗੂ ਨਹੀਂ ਹੁਦੀ। ਹੋ ਸਕਦਾ ਹੈ ਕਿ ਤੁਹਾਡੇ ਘਰ ਕੋਈ ਬਜ਼ੁਰਗ, ਕਿਧਰੇ ਬੱਚਾ, ਹੋਰ ਬਿਮਾਰੀਆਂ ਦਾ ਮਰੀਜ਼ ਹੋਣ, ਜੋ ਤੁਹਾਡੇ ਸੰਪਰਕ ਵਿਚ ਆ ਕੇ ਬਿਮਾਰ ਹੋ ਜਾਣ ਤੇ ਉਨਾਂ ਦੀ ਜਾਨ ਨੂੰ ਖ਼ਤਰਾ ਤੁਹਾਡੇ ਕਰਕੇ ਬਣ ਜਾਵੇ। ਸੋ, ਕਿਸੇ ਵੀ ਹਾਲਤ ਵਿਚ ਇਸ ਬਿਮਾਰੀ ਨੂੰ ਹਲਕੇ ਵਿਚ ਨਾ ਲਵੋ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਨੂੰ ਪੱਲੇ ਬੰਨਦੇ ਹੋਏ ਆਪਣੇ ਕੰਮ-ਕਾਰ ਕਰੋ। ਹੁੰਦਾ ਹੈ। ਉਨਾਂ ਕਿਹਾ ਕਿ ਕਈ ਵਾਰ ਕੋਰੋਨਾ ਦੇ ਨਮੂਨੇ ਲੈਣ ਗਈ ਟੀਮ ਨਾਲ ਲੋਕ ਗਲਤ ਵਿਵਹਾਰ ਕਰਦੇ ਹਨ ਕਿ ਅਸੀਂ ਨਮੂਨਾ ਨਹੀਂ ਦੇਣਾ, ਜੋ ਕਿ ਗਲਤ ਹੈ। ਉਨਾਂ ਕਿਹਾ ਕਿ ਜੇਕਰ ਤੁਸੀਂ ਨਮੂਨੇ ਦਿੰਦੇ ਹੋ ਤਾਂ ਤੁਸੀਂ ਬਚ ਸਕਦੇ ਹੋ। ਸ. ਖਹਿਰਾ ਨੇ ਕਿਹਾ ਕਿ ਪਹਿਲਾਂ ਤਾਂ ਲੋਕਾਂ ਨੂੰ ਇਹ ਡਰ ਹੁੰਦਾ ਸੀ ਕਿ ਸਾਨੂੰ ਸ਼ਾਇਦ ਹਸਪਤਾਲ ਨਾ ਲੈ ਜਾਣ, ਪਰ ਹੁਣ ਤਾਂ ਉਹ ਵੀ ਗੱਲ ਨਹੀਂ ਰਹੀ। ਅਸੀਂ ਕੋਵਿਡ ਦੇ ਮਰੀਜ਼ ਨੂੰ ਵੀ ਉਸਦੀ ਸਹੂਲਤ ਲਈ ਘਰ ਵਿਚ ਹੀ ਇਕਾਂਤਵਾਸ ਰੱਖ ਰਹੇ ਹਾਂ, ਪਰ ਜ਼ਰੂਰੀ ਹੈ ਕਿ ਉਹ ਕੇਵਲ ਆਪਣੇ ਕਮਰੇ ਤੱਕ ਹੀ ਸੀਮਤ ਰਹੇ।

Exit mobile version