May 2, 2025

ਜਲੰਧਰ ਡਵੀਜ਼ਨ ਦੇ ਕਮਿਸ਼ਨਰ ਵੱਲੋਂ ਜ਼ਹਿਰਲੀ ਸ਼ਰਾਬ ਕੇਸ ਦੀ ਜਾਂਚ ਸ਼ੁਰੂ **ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਦੇ ਅਧਿਕਾਰੀਆਂ ਨਾਲ ਕੀਤੀ ਪਲੇਠੀ ਮੀਟਿੰਗ

0

ਜਲੰਧਰ ਡਵੀਜਨ ਦੇ ਕਮਿਸ਼ਨਰ ਸ੍ਰੀ ਰਾਜ ਕਮਲ ਚੌਧਰੀ ਜਾਂਚ ਬਾਰੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ। ਨਾਲ ਹਨ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ।

*ਕੋਈ ਵੀ ਸ਼ੱਕੀ ਜਾਂਚ ਦੇ ਦਾਇਰੇ ਤੋਂ ਬਾਹਰ ਨਹੀਂ ਰਹੇਗਾ-ਸ੍ਰੀ ਰਾਜ ਕਮਲ ਚੌਧਰੀ

ਅੰਮ੍ਰਿਤਸਰ / 06 ਅਗਸਤ / ਨਿਊ ਸੁਪਰ ਭਾਰਤ ਨਿਊਜ

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਤਿੰਨ ਜਿਲਿਆਂ ਵਿਚ ਜ਼ਹਿਰਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਦੀ ਜੋ ਜਾਂਚ ਜਲੰਧਰ  ਡਵੀਜ਼ਨ ਦੇ ਕਮਿਸ਼ਨਰ ਸ੍ਰੀ ਰਾਜ ਕਮਲ ਚੌਧਰੀ ਨੂੰ ਸੌਂਪੀ ਗਈ ਸੀ,ਉਹ ਅੱਜ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਇਸ ਜਾਂਚ ਤਹਿਤ ਕਮਿਸ਼ਨਰ ਸ੍ਰੀ ਚੌਧਰੀ ਨੇ ਅੰਮ੍ਰਿਤਸਰ ਵਿਚ ਤਿੰਨਾਂ ਜਿਲਿਆਂ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਦੇ ਸਿਵਲ ਤੇ ਪੁਲਿਸ ਅਧਿਕਾਰੀਆਂ ਨਾਲ ਪਲੇਠੀ ਮੀਟਿੰਗ ਕੀਤੀ। ਮੀਟਿੰਗ ਵਿਚ ਉਨਾਂ ਸਪੱਸ਼ਟ ਕੀਤਾ ਕਿ ਕੋਈ ਵੀ ਸ਼ੱਕੀ ਵਿਅਕਤੀ ਚਾਹੇ ਉਹ ਕਿਸੇ ਪਾਰਟੀ, ਕਿਸੇ ਅਹੁਦੇ ਜਾਂ ਕਿਸੇ ਵਿਭਾਗ ਨਾਲ ਸਬੰਧਤ ਹੋਵੇ ਜਾਂਚ ਤੋਂ ਬਾਹਰ ਨਹੀਂ ਰਹਿਣਾ ਚਾਹੀਦਾ। ਉਨਾਂ ਕਿਹਾ ਕਿ ਉਕਤ ਕਾਂਡ ਵਿਚ ਕਿੱਥੇ ਲਾਪਰਵਾਹੀ ਹੋਈ ਹੈ ਅਤੇ ਕਿਸ ਨੇ ਕੀਤੀ ਹੈ ਉਸਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ। ਸ੍ਰੀ ਚੌਧਰੀ ਨੇ ਕਿਹਾ ਕਿ ਮੈਨੂੰ ਜਾਂਚ ਲਈ 21 ਦਿਨ ਦਾ ਸਮਾਂ ਮਿਲਿਆ ਹੈ ਅਤੇ ਮੈਂ ਇਸ ਸਮੇਂ ਦੌਰਾਨ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਕੇ ਸਰਕਾਰ ਸਾਹਮਣੇ ਰੱਖਾਂਗਾ। ਸ੍ਰੀ ਚੌਧਰੀ ਨੇ ਕਿਹਾ ਕਿ ਮੁੱਖ ਤੌਰ ਉਤੇ ਪੁਲਿਸ ਤੇ ਆਬਕਾਰੀ ਵਿਭਾਗ ਜਾਂਚ ਦਾ ਹਿੱਸਾ ਹੋਣਗੇ। ਉਨਾਂ ਕਿਹਾ ਕਿ ਦੋਵਾਂ ਵਿਭਾਗਾਂ ਦੀ ਨਾਜਾਇਜ਼ ਵਿਕਰੀ ਨੂੰ ਰੋਕਣ ਦੀ ਜ਼ਿੰਮੇਵਾਰੀ ਹੈ।

  ਉਨਾਂ ਐਕਸਾਇਜ਼ ਵਿਬਾਗ ਦੇ ਜੁਇੰਟ ਕਮਿਸ਼ਨਰ ਕੋਲੋਂ ਪੰਜਾਬ ਵਿਚ ਚੱਲਦੀ ਡਿਸਟਿਲਰੀਆਂ, ਉਨਾਂ ਤੋਂ ਤਿਆਰ ਹੁੰਦੇ ਉਤਪਾਦ, ਜਿਸ ਵਿਚ ਈਥਾਨੋਲ, ਮਿਥਾਈਲ ਆਦਿ ਸ਼ਾਮਲ ਹਨ ਦੇ ਵੇਰਵੇ, ਮਾਲਕਾਂ ਦਾ ਵਿਸਥਾਰ, ਪਿਛਲੇ 2 ਸਾਲ ਵਿਚ ਇੰਨਾ ਕਿੰਨਾ ਸਮਾਨ ਬਣਾਇਆ ਤੇ ਕਿੱਥੇ-ਕਿੱਥੇ ਵੇਚਿਆ, ਇੰਨਾਂ ਡਿਸਟਲਰੀਆਂ ਵਿਚ ਆਬਕਾਰੀ ਵਿਭਾਗ ਦੇ ਕਿਹੜੇ-ਕਿਹੜੇ ਅਧਿਕਾਰੀ ਡਿਊਟੀ ਉਤੇ ਰਹੇ, ਜਿੰਨਾ ਪਿੰਡਾਂ ਵਿਚ ਮੌਤਾਂ ਹੋਈਆਂ ਉਸ ਇਲਾਕੇ ਵਿਚ ਕਿਹੜੇ-ਕਿਹੜੇ ਐਕਸਾਇਜ਼ ਇੰਸਪੈਕਟਰ ਤਾਇਨਾਤ ਸਨ ਦੀ ਜਾਣਕਾਰੀ ਮੰਗੀ ਹੈ। ਇਸ ਦੇ ਨਾਲ ਹੀ ਉਨਾਂ ਡਿਸਟਲਰੀ ਤੋਂ ਬਣਦੀ ਇੰਡਸਟਰੀਅਲ ਸਪਿਰਟ ਨੂੰ ਅੱਗੇ ਢੋਣ ਸਮੇਂ ਅਪਨਾਈ ਜਾਂਦੀ ਵਿਧੀ, ਉਹ ਕਿੱਥੇ ਅਤੇ ਕਿਸ ਨੂੰ ਵੇਚੀ ਜਾਂਦੀ ਹੈ, ਸ਼ਰਾਬ ਬਨਾਉਣ ਵਾਲੇ ਬੋਟਲਿੰਗ ਪਲਾਂਟ ਦੀ ਵਿਸਥਾਰ ਸਾਹਿਤ ਰਿਪੋਰਟ ਮੰਗੀ ਹੈ।

    ਇਸੇ ਦੌਰਾਨ ਉਨਾਂ ਹਾਜ਼ਰ ਤਿੰਨਾਂ ਜਿਲਿਆਂ ਦੇ ਪੁਲਿਸ ਅਧਿਕਾਰੀਆਂ ਕੋਲੋਂ ਹੁਣ ਤੱਕ ਕੀਤੀ ਗਈ ਜਾਂਚ, ਬਰਾਮਦ ਹੋਏ ਸਮਾਨ ਦਾ ਵਿਸਥਾਰ, ਕੌਣ-ਕੌਣ ਗ੍ਰਿਫਤਾਰ ਕੀਤਾ, ਐਫ. ਆਈ. ਆਰ ਦੀਆਂ ਕਾਪੀਆਂ ਅਤੇ ਜਾਂਚ ਲਈ ਅਪਨਾਈ ਗਈ ਵਿਧੀ ਦੀ ਮੰਗ ਕਰਦੇ ਕਿਹਾ ਕਿ ਪੀੜਤ ਪਰਿਵਾਰਾਂ ਦੇ ਬਿਆਨ ਤੇ ਪਿੰਡ ਦੇ ਸਧਾਰਨ ਵਾਸੀਆਂ ਦੇ ਬਿਆਨ ਵੀ ਪੇਸ਼ ਕੀਤੇ ਜਾਣ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਮਈ ਮਹੀਨੇ ਵਿਚ ਨਸ਼ਿਆਂ ਵਿਰੁੱਧ ਅਪਰੇਸ਼ਨ ਰੈਡ ਰੋਜ਼ ਸ਼ੁਰੂ ਕੀਤਾ ਸੀ ਅਤੇ ਤਿੰਨਾ ਜਿਲਿਆਂ ਦੀ ਪੁਲਿਸ ਨੇ ਇਸ ਸਮੇਂ ਦੌਰਾਨ ਕੀ-ਕੀ ਕੀਤਾ, ਉਹ ਵੀ ਵਿਸਥਾਰ ਸਮੇਤ ਦਿੱਤਾ ਜਾਵੇ। ਉਨਾਂ ਕਿਹਾ ਕਿ ਕੇਵਲ ਨਾਜਾਇਜ਼ ਸ਼ਰਾਬ ਦੀ ਵਿਕਰੀ ਕਰਨ ਵਾਲੇ  ਹੇਠਲੇ ਦੋਸ਼ੀਆਂ ਉਤੇ ਹੀ ਕਾਰਵਾਈ ਨਹੀਂ ਹੋਵੇਗੀ, ਬਲਕਿ ਹਰੇਕ ਧਿਰ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ। ਉਨਾਂ ਕਿਹਾ ਕਿ ਇਸ ਜਾਂਚ ਦੌਰਾਨ ਉਹ ਪੀੜਤ ਪਰਿਵਾਰਾਂ ਨੂੰ ਵੀ ਮਿਲਣਗੇ ਅਤੇ ਉਨਾਂ ਪਿੰਡਾਂ ਵਾਲਿਆਂ ਦੀ ਗੱਲ ਵੀ ਸੁਣਨਗੇ, ਤਾਂ ਜੋ ਸਚਾਈ ਸਾਹਮਣੇ ਲਿਆਂਦੀ ਜਾ ਸਕੇ। ਉਨਾਂ ਕਿਹਾ ਕਿ ਇਸ ਕਾਂਡ ਵਿਚ ਜਿਹੜੇ ਲੋਕ ਮਾਰੇ ਗਏ, ਪਰ ਉਨਾਂ ਦੇ ਪੋਸਟਮਾਰਟਮ ਨਹੀਂ ਹੋਏ, ਉਨਾਂ ਨੂੰ ਵੀ ਜਾਂਚ ਦਾ ਵਿਸ਼ਾ ਬਣਾਇਆ ਜਾਵੇਗਾ। ਉਨਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਜਾਂਚ ਵਿਚ ਸਾਡਾ ਸਾਥ ਦੇਣ, ਤਾਂ ਜੋ ਦੋਸ਼ੀਆਂ ਨੂੰ ਸਖਤ ਸਜ਼ਾ ਦਿਵਾਈ ਜਾ ਸਕੇ ਅਤੇ ਅੱਗੇ ਤੋਂ ਅਜਿਹਾ ਦੁਖਦਾਈ ਹਾਦਸਾ ਨਾ ਵਾਪਰੇ।

   ਇਸ ਮੌਕੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ, ਐਸ ਪੀ ਹੈਡਕੁਆਰਟਰ ਤਰਨਤਾਰਨ ਸ੍ਰੀ ਗੌਰਵ ਤੂਰਾ, ਐਸ ਪੀ ਬਟਾਲਾ ਸ. ਤੇਜਬੀਰ ਸਿੰਘ ਹੁੰਦਲ, ਐਸ ਪੀ ਜਾਂਚ ਤਰਨਤਾਰਨ ਸ. ਜਗਜੀਤ ਸਿੰਘ ਵਾਲੀਆ, ਐਸ ਡੀ ਐਮ ਤਰਨਤਾਰਨ ਸ੍ਰੀ ਰਜਨੀਸ਼ ਅਰੋੜਾ, ਐਸ ਡੀ ਐਮ ਬਟਾਲਾ ਸ. ਬਲਵਿੰਦਰ ਸਿੰਘ, ਐਸ ਡੀ ਐਮ ਬਾਬਾ ਬਕਾਲਾ ਸਾਹਿਬ ਸ੍ਰੀਮਤੀ ਸੁਮਿਤ ਮੁੱਧ, ਅਕਸਾਈਜ ਵਿਭਾਗ ਦੇ ਅਧਿਕਾਰੀ ਸ. ਐਚ. ਐਸ ਬਾਜਵਾ ਤੇ ਸ੍ਰੀਮਤੀ ਰਾਜਵਿੰਦਰ ਕੌਰ ਬਾਜਵਾ ਵੀ ਸ਼ਾਮਿਲ ਸਨ।

Leave a Reply

Your email address will not be published. Required fields are marked *