Site icon NewSuperBharat

ਮਿਸ਼ਨ ਫ਼ਤਿਹ ਨੂੰ ਕਾਮਯਾਬ ਕਰਨ ਲਈ ਲੋਕ ਜਾਗੂਰਕਤਾ ਵਾਸਤੇ ਜੀ ਓ ਜੀ ਵੀ ਹੋਏ ਸਰਗਰਮ

*ਮੂੰਹ ਢਕਣ, ਹੱਥ ਵਾਰ-ਵਾਰ ਧੋਣ ਅਤੇ ਸਮਾਜਿਕ ਦੂਰੀ ਰੱਖਣ ਲਈ ਕੀਤਾ ਜਾ ਰਿਹਾ ਹੈ ਪ੍ਰੇਰਿਤ

ਅੰਮ੍ਰਿਤਸਰ / 7 ਜੂਨ / ਨਿਊ ਸੁਪਰ ਭਾਰਤ ਨਿਊਜ

ਪੰਜਾਬ ਸਰਕਾਰ ਵੱਲੋਂ ਕੋਰੋਨਾ ‘ਤੇ ਫ਼ਹਿਤ ਪਾਉਣ ‘ਚ ਲੋਕਾਂ ਦੀ ਭਾਗੀਦਾਰੀ ਵਧਾਉਣ ਵਾਸਤੇ ਅਤੇ ਉਨਾਂ ਨੂੰ ਪ੍ਰੇਰਿਤ ਕਰਨ ਲਈ ਆਰੰਭੇ ਮਿਸ਼ਨ ਫ਼ਤਿਹ ਪੰਜਾਬ ਤਹਿਤ ਜ਼ਿਲੇ ‘ਚ ਲੋਕ ਜਾਗਰੂਕਤਾ ਲਈ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਨਾਲ-ਨਾਲ ਜੀ ਓ ਜੀ ਵੀ ਸਰਗਰਮ ਹੋ ਗਏ ਹਨ।

ਜੀ ਓ ਜੀਜ਼ ਵੱਲੋਂ ਆਪਣੇ ਪੱਧਰ ਉਤੇ ਪਿੰਡਾਂ ਵਿਚ ਲੋਕਾਂ ਨੂੰ ਮਿਸ਼ਨ ਫ਼ਤਿਹ ਦੇ ਮੁਢਲੇ ਉਦੇਸ਼ ਤਹਿਤ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਉਹ ਕੰਮ ਕਰਦੇ ਮੌਕੇ ਆਪਣਾ ਮੂੰਹ ਢਕ ਕੇ ਰੱਖਣ, ਹੱਥਾਂ ਨੂੰ ਨਿਸ਼ਚਿਤ ਸਮੇਂ ਬਾਅਦ ਧੋਣ, ਇੱਕ ਦੂਸਰੇ ਨੂੰ ਛੂਹਣ ਤੋਂ ਬਚਣ ਅਤੇ ਘੱਟ ਤੋਂ ਘੱਟ 6 ਗਜ਼ ਦਾ ਇੱਕ ਦੂਸਰੇ ਤੋਂ ਫ਼ਾਸਲਾ ਰੱਖਣ।

ਜੀ ਓ ਜੀ ਦੇ ਜ਼ਿਲਾ ਮੁਖੀ ਸੇਵਾ ਮੁਕਤ ਕਰਨਲ ਸਰਬਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਵੱਲੋਂ ਆਪਣੇ ਸਮੂਹ ਜੀ ਓ ਜੀਜ਼ ਨੂੰ ਮਿਸ਼ਨ ਫ਼ਤਿਹ ਦੇ ਮੰਤਵ ਨੂੰ ਘਰ-ਘਰ ਪਹੁੰਚਾਉਣ ਲਈ ਕਿਹਾ ਗਿਆ ਹੈ ਤਾਂ ਜੋ ਆਪਣੇ ਜ਼ਿਲੇ ਤੇ ਸੂਬੇ ਨੂੰ ਕੋਰੋਨਾ ਮੁਕਤ ਕਰਨ ਲਈ ਜ਼ਿਲਾ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਆਰੰਭੇ ਯਤਨਾਂ ਨੂੰ ਰਲ-ਮਿਲ ਕੇ ਕਾਮਯਾਬ ਕੀਤਾ ਜਾਵੇ।

ਉਨਾਂ ਦੱਸਿਆ ਕਿ ਪਿੰਡਾਂ ਵਿਚ ਚੱਲਦੇ ਸਰਕਾਰੀ, ਗੈਰ-ਸਰਕਾਰੀ ਤੇ ਨਿੱਜੀ ਕਾਰੋਬਾਰ ਦੇ ਨਾਲ-ਨਾਲ ਕਿਰਸਾਨੀ ਖੇਤਰ ਵਿਚ ਲੱਗੇ ਕਾਮਿਆਂ ਨੂੰ ਵੀ ਕੋਵਿਡ ਨਿਯਮਾਂ ਦੀ ਪਾਲਣਾ  ਯਕੀਨੀ ਬਨਾਉਣ ਲਈ ਕਿਹਾ ਜਾ ਰਿਹਾ ਹੈ, ਤਾਂ ਜੋ ਪੇਂਡੂ ਖੇਤਰ ਕੋਵਿਡ ਦੀ ਲਾਗ ਤੋਂ ਬਚੇ ਰਹਿਣ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਮਨਰੇਗਾ ਕਾਮਿਆਂ ਤੱਕ ਵੀ ਸਾਬਕਾ ਫੌਜੀ ਜਵਾਨਾਂ ਵੱਲੋਂ ਪਹੁੰਚ ਕੀਤੀ ਜਾ ਰਹੀ ਹੈ ਅਤੇ ਇਨਾਂ ਮਜ਼ਦੂਰਾਂ ਨੂੰ ਕੋਡਿਵ ਤੋਂ ਬਚਣ ਦੇ ਤਰੀਕਿਆਂ ਬਾਰੇ ਦੱਸ ਰਹੇ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕਣਕ ਦੀ ਖਰੀਦ ਵਿਚ ਵੀ ਸਾਬਕਾ ਫੌਜੀਆਂ ਨੇ ਮੰਡੀਆਂ ਵਿਚ ਪਹੁੰਚ ਕੇ ਕਿਸਾਨਾਂ, ਮਜ਼ਦੂਰਾਂ ਤੇ ਆੜਤੀਆਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕਣਕ ਦੀ ਖਰੀਦ ਪੂਰੀ ਕਰਨ ਵਿਚ ਵੱਡੀ ਜ਼ਿੰਮੇਵਾਰੀ ਨਿਭਾਈ ਸੀ।

Exit mobile version