Site icon NewSuperBharat

ਮਿਸ਼ਨ ਫ਼ਤਿਹ ਤਹਿਤ ਲਾਕਡਾਊਨ ਨਿਯਮਾਂ ਦੀ ਸਖਤੀ

*ਜਨਤਕ ਸਥਾਨਾਂ ‘ਤੇ ਥੁੱਕਣ ਅਤੇ ਮਾਸਕ ਨਾ ਲਗਾਉਣ ਦਾ ਹੋਵੇਗਾ ਜੁਰਮਾਨਾ **ਵਾਹਨਾਂ ‘ਚ ਸਵਾਰੀਆਂ ਦੀ ਨਿਯਮਿਤ ਗਿਣਤੀ ਦੀ ਉਲੰਘਣਾ ‘ਤੇ ਹੋਵੇਗੀ ਸਖਤੀ

ਅੰਮ੍ਰਿਤਸਰ / 7 ਜੂਨ / ਨਿਊ ਸੁਪਰ ਭਾਰਤ ਨਿਊਜ

ਪੰਜਾਬ ਸਰਕਾਰ ਵੱਲੋਂ ਮਿਸ਼ਨ ਫ਼ਤਿਹ ਤਹਿਤ ਲੋਕਾਂ ਨੂੰ ਕੋਰੋਨਾ ਦੇ ਖਤਰੇ ਤੋਂ ਸੁਚੇਤ ਕਰਨ ਦੀ ਕੋਸ਼ਿਸ਼ਾਂ ਦੀਆਂ ਜਾਣ ਬੁੱਝ ਕੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਮਿਸ਼ਨਰ ਪੁਲਿਸ ਵੱਲੋਂ ਸਖਤੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। 

ਕਮਿਸ਼ਨਰ ਪੁਲਿਸਸ ਡਾ. ਸੁਖਚੈਨ ਸਿੰਘ ਗਿੱਲ ਨੇ ਜਵਾਨਾਂ ਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਕੋਰੋਨਾ ਤੋਂ ਬਚਾਅ ਲਈ ਸਭ ਤੋਂ ਜ਼ਰੂਰੀ ਨਿਯਮਾਂ ‘ਚ ਮੂੰਹ ਤੇ ਮਾਸਕ ਪਹਿਨਣਾ ਅਤੇ ਜਨਤਕ ਥਾਂਵਾਂ ‘ਤੇ ਬਿਲਕੁਲ ਵੀ ਨਾ ਥੁੱਕਣ ਨੂੰ ਹਰ ਹਾਲਤ ਵਿਚ ਲਾਗੂ ਕੀਤਾ ਜਾਵੇ। ਉਨਾਂ ਕਿਹਾ ਕਿ ਜੋ ਲੋਕ ਇਨਾਂ ਜ਼ਰੂਰੀ ਹਦਾਇਤਾਂ ਨੂੰ ਭੁੱਲ ਕੇ ਫ਼ਿਰ ਗਲਤੀਆਂ ਕਰਦੇ ਹਨ, ਉਹ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਖਤਰੇ ‘ਚ ਪਾਉਂਦੇ ਹਨ। ਉਨਾਂ ਕਿਹਾ ਕਿ ਅਜਿਹੇ ਵਿਅਕਤੀਆਂ ਦੇ ਚਲਾਣ ਕੱਟੇ ਜਾਣ ਤਾਂ ਜੋ ਉਹ ਆਪਣੀ ਗਲਤੀ ਕਾਰਨ ਲੱਗੇ ਜੁਰਮਾਨੇ ਨੂੰ ਯਾਦ ਰੱਖਦੇ ਹੋਏ ਅੱਗੇ ਤੋਂ ਦੁਬਾਰਾ ਗਲਤੀ ਨਾ ਕਰਨ।

ਉਨਾਂ ਕਿਹਾ ਕਿ ਸਭ ਤੋਂ ਵਧੇਰੇ ਅਣਗਹਿਲੀ ਲੋਕ ਮਾਸਕ ਨਾ ਪਹਿਨਣ ‘ਚ ਕਰਦੇ ਹਨ ਅਤੇ ਉਨਾਂ ਨੂੰ ਸਰਕਾਰ ਵੱਲੋਂ ਤੈਅ ਰਕਮ 500 ਰੁਪਏ ਦਾ ਜੁਰਮਾਨਾ ਕੀਤਾ ਜਾਵੇ। ਉਨਾਂ ਕਿਹਾ ਕਿ ਇਸੇ ਤਰਾਂ ਜਨਤਕ ਥਾਂਵਾਂ ‘ਤੇ ਥੁੱਕ ਸੁੱਟਣ ਦੀ ਮਨਾਹੀ ਹੈ ਅਤੇ ਜੋ ਵਿਅਕਤੀ ਜਾਣੇ-ਅਣਜਾਣੇ ਵਿਚ ਅਜਿਹਾ ਕਰਦੇ ਹਨ ਉਨਾਂ ਦਾ ਵੀ 500 ਰੁਪਏ ਦਾ ਚਲਾਨ ਕੱਟਿਆ ਜਾਵੇ। ਉਨਾਂ ਦੱਸਿਆ ਕਿ ਥੁੱਕ ਸੁੱਟ ਕੇ ਅਸੀਂ ਕੋਰੋਨਾ ਦੇ ਫੈਲਣ ਦੇ ਖਤਰੇ ਨੂੰ ਵਧਾਉਂਦੇ ਹਾਂ, ਇਸ ਲਈ ਸਾਨੂੰ ਸਮਝਦਾਰ ਬਣਨਾ ਚਾਹੀਦਾ ਹੈ।

ਉਨਾਂ ਅੱਗੇ ਦੱਸਿਆ ਕਿ ਉਕਤ ਦੋ ਉਲੰਘਣਾਵਾਂ ਤੋਂ ਇਲਾਵਾ ਜਿਹੜੀ ਤੀਸਰੀ ਗਲਤੀ ਅਕਸਰ ਲੋਕ ਕਰਦੇ ਹਨ, ਉਹ ਵਾਹਨਾਂ ‘ਚ ਮਿੱਥੀ ਗਿਣਤੀ ਤੋਂ ਵਧੇਰੇ ਸਵਾਰੀਆਂ ਨੂੰ ਬਿਠਾਉਣਾ ਹੈ, ਜਿਸ ਕਾਰਨ ਸਰਕਾਰ ਵੱਲੋਂ ਨਿਰਧਾਰਿਤ ਪ੍ਰੋਟੋਕਾਲ ਦੀ ਉਲੰਘਣਾ ਹੁੰਦੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਰੰਭੇ ਮਿਸ਼ਨ ਫ਼ਤਿਹ ਨੂੰ ਕਾਮਯਾਬ ਕਰਨ ‘ਚ ਸਮਾਜ ਦਾ ਵੱਡਾ ਹੱਥ ਹੈ। ਜੇਕਰ ਅਸੀਂ ਲਾਕਡਾਊਨ ਨਿਯਮਾਂ ਦੀ ਪੂਰੀ ਤਰਾਂ ਪਾਲਣਾ ਕਰਾਂਗੇ ਤਾਂ ਇਸ ਨਾਲ ਜਿੱਥੇ ਕੋਰੋਨਾ ਦੇ ਖਤਰੇ ਨੂੰ ਦੂਰ ਕਰਾਂਗੇ ਉੱਥੇ ਆਪਣੇ ਜ਼ਿਲੇ ਅਤੇ ਰਾਜ ਵਿੱਚੋਂ ਕੋਵਿਡ ਨੂੰ ਖ਼ਤਮ ਕਰਨ ‘ਚ ਵੀ ਸਹਾਇਤਾ ਕਰਾਂਗੇ।

Exit mobile version