Site icon NewSuperBharat

ਸ਼ਹਿਰ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਜ਼ਿਲਾ ਅਧਿਕਾਰੀਆਂ ਨਾਲ ਕੈਬਿਨਟ ਮੰਤਰੀ ਸੋਨੀ ਨੇ ਕੀਤੀ ਮੀਟਿੰਗ

*ਸ਼ਹਿਰ ਦਾ ਦੌਰਾ ਕਰਕੇ ਸਥਿਤੀ ਨੂੰ ਨੇੜੀਓ ਵਾਚਿਆ **ਲੋਕਾਂ ਨੂੰ ਕੀਤੀ ਅਪੀਲ ਸਾਵਧਾਨੀਆਂ ਰੱਖਕੇ ਹੀ ਮਿਸ਼ਨ ਫਤਿਹ ਨੂੰ ਕੀਤਾ ਜਾ ਸਕਦਾ ਕਾਮਯਾਬ

ਅੰਮ੍ਰਿਤਸਰ / 9 ਜੂਨ / ਨਿਊ ਸੁਪਰ ਭਾਰਤ ਨਿਊਜ 

ਅੱਜ ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ  ਵੱਲੋਂ ਸ਼ਹਿਰ ਵਿੱਚ ਕਰੋਨਾ ਮਹਾਂਮਾਰੀ  ਨੂੰ ਲੈ ਕੇ ਅੰਦਰੂਨੀ ਸ਼ਹਿਰ ਦਾ ਦੌਰਾ ਕੀਤਾ ਅਤੇ ਵੱਖ ਵੱਖ ਦੁਕਾਨਾਂ ਤੇ  ਲੱਗੀ ਹੋਈ ਭੀੜ ਨੂੰ ਵੇਖ ਕੇ ਦੁਕਾਨਦਾਰਾਂ ਨੂੰ ਸਖਤੀ ਨਾਲ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ। ਸ੍ਰੀ ਸੋਨੀ ਨੇ ਕਿਹਾ ਕਿ ਸਰਕਾਰ ਤੁਹਾਡੇ ਨਾਲ ਹੈ ਅਤੇ ਤੁਹਾਡਾ ਵੀ ਫ਼ਰਜ ਬਣਦਾ ਹੈ ਕਿ ਸਰਕਾਰ ਦੁਆਰਾ ਦਿੱਤੀਆਂ ਗਈਆਂ ਹਦਾਇਤਾਂ ਦੀ ਇੰਨੰ ਬਿੰਨ ਪਾਲਣਾ ਕਰੀਏ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਨਾਲ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੇਕਰ ਲੋੜ ਪਈ ਤਾਂ ਪ੍ਰਸਾਸ਼ਨ ਵੱਲੋਂ ਹੋਰ ਵਧੇਰੇ ਸਖਤੀ ਦਾ ਰੁਖ ਅਪਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਫਵਾਹਾਂ ਤੋਂ ਬਚੋ ਅਤੇ ਘਬਰਾਉਣ ਦੀ ਕੋਈ ਲੋੜ ਨਹੀਂ, ਪ੍ਰਸਾਸ਼ਨ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ।

          ਸ੍ਰੀ ਸੋਨੀ ਵੱਲੋਂ ਸ੍ਰ ਕਰਮਜੀਤ ਸਿੰਘ ਰਿੰਟੂ ਮੇਅਰ ਨਗਰ ਨਿਗਮ ਅੰਮ੍ਰਿਤਸਰ ਅਤੇ ਜਿਲ੍ਹਾ ਅਧਿਕਾਰੀਆਂ ਨਾਲ ਹਾਲ ਬਾਜ਼ਾਰ, ਕਟੜਾ ਸ਼ੇਰ ਸਿੰਘ, ਢਾਬ ਖਟੀਕਾ, ਸ਼ਕਤੀ ਨਗਰ ਦਾ ਦੌਰਾ ਕਰਕੇ ਸਥਿਤੀ ਦਾ ਜਾਇਜਾ ਲਿਆ । ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲਾਕ ਡਾਊਨ ਵਿੱਚ ਭਾਵੇਂ ਛੂਟ ਦਿੱਤੀ ਗਈ ਹੈ ਪ੍ਰੰਤੂ ਲੋਕਾਂ ਦਾ ਆਪਣਾ ਵੀ ਫਰਜ ਬਣਦਾ ਹੈ ਕਿ ਸਰਕਾਰ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ। ਸ੍ਰੀ ਸੋਨੀ ਨੇ ਕਿਹਾ ਕਿ ਇਸ ਦੁਖ ਦੀ ਘੜੀ ਵਿੱਚ ਪ੍ਰਸਾਸ਼ਨ ਤੁਹਾਡੇ ਨਾਲ ਹੈ ਅਤੇ ਤੁਹਾਨੂੰ ਵੀ ਚਾਹੀਦਾ ਹੈ ਕਿ ਮਾਸਕ ਦੀ ਵਰਤੋਂ ਕਰੀਏ, ਸਮਾਜਿਕ ਦੂਰੀ ਦੀ ਪਾਲਣਾ ਅਤੇ  ਜਨਤਕ ਥਾਵਾਂ ਤੇ ਥੁੱਕਣ ਤੋਂ ਪ੍ਰਹੇਜ ਕਰੀਏ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਸੀਂ ਸਾਵਧਾਨੀਆਂ ਵਰਤ ਹੈ ਕਿ ਮਿਸ਼ਨ ਫਤਿਹ ਨੂੰ ਕਾਮਯਾਬ ਕਰ ਸਕਦੇ ਹਾਂ।

          ਇਸ ਤੋਂ ਪਹਿਲਾਂ ਸ੍ਰੀ ਸੋਨੀ ਵੱਲੋਂ ਜਿਲ੍ਹਾ ਅਧਿਕਾਰੀਆਂ ਨਾਲ ਸਰਕਟ ਹਾਊਸ ਵਿਖੇ ਕਰੋਨਾਂ ਦੀ ਸਥਿਤੀ ਨੂੰ ਲੈ ਕੇ ਇਕ ਵਿਸੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸ: ਸ਼ਿਵਦੁਲਾਰ ਸਿੰਘ ਢਿਲੋ ਡਿਪਟੀ ਕਮਿਸ਼ਨਰ, ਡਾ: ਸੁਖਚੈਨ ਸਿੰਘ ਗਿਲ ਪੁਲਸ ਕਮਿਸ਼ਨਰ, ਮੈਡਮ ਕੋਮਲ ਮਿੱਤਲ ਕਮਿਸ਼ਨਰ ਨਗਰ ਨਿਗਮ, ਡਾ:ਜੁਗਲ ਕਿਸ਼ੋਰ ਸਿਵਲ ਸਰਜਨ,ਡਾ: ਕਿਰਨਦੀਪ ਕੌਰ ਸਹਾਇਕ ਸਿਵਲ ਸਰਜਨ ਅਤੇ ਡਾ: ਮਦਨ ਮੋਹਨ ਹਾਜ਼ਰ ਸਨ। ਸ੍ਰੀ ਸੋਨੀ ਨੇ ਸਿਵਲ ਸਰਜਨ ਨੂੰ ਹਦਾਇਤ ਕੀਤੀ ਕਿ ਅੰਦਰੂਨ ਸ਼ਹਿਰ ਅੰਦਰ ਸੈਂਪਲ ਲੈਣ ਵਿੱਚ ਤੇਜੀ ਲਿਆਂਦੀ ਜਾਵੇੇ ਅਤੇ ਰੋਜਾਨਾ ਅੰਮ੍ਰਿਤਸਰ ਦੇ 1000 ਲੋਕਾਂ ਦਾ ਟੈਸਟ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜਿੰਨਾਂ ਇਲਾਕਿਆਂ ਵਿੱਚ ਕਰੋਨਾ ਦੇ ਮਰੀਜ ਪਾਏ ਗਏ ਹਨ ਉਥੇ ਲਗਾਤਾਰ ਸੈਨੀਟਾਈਜ ਕੀਤਾ ਜਾਵੇ।

          ਸ੍ਰੀ ਸੋਨੀ ਵੱਲੋਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਇਸ ਬਿਮਾਰੀ ਦਾ ਕੋਈ ਲੱਛਣ ਦਿਖਾਈ ਦਿੰਦਾ ਹੈ ਤਾਂ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਵਿਖੇ ਜਾ ਕੇ ਆਪਣਾ ਚੈਕਅਪ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਛੋਟੀ ਜਿਹੀ ਅਣਗਹਿਲੀ ਤੁਹਾਡੇ ਪਰਿਵਾਰ ਨੂੰ ਮੁਸੀਬਤ ਵਿੱਚ ਪਾ ਸਕਦੀ ਹੈ । ਅਸੀਂ ਆਪਣਾ ਫਰਜ ਸਮਝਦੇ ਹੋਏ ਆਪਣਾ ਮੈਡੀਕਲ ਚੈਕਅਪ ਕਰਵਾਉਣ ਨੂੰ ਪਹਿਲ ਦਈਏ ਅਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੀਏ।

Exit mobile version