ਸਰਕਾਰੀ ਐਲੀਮੈਂਟਰੀ ਸਕੂਲ ਈ.ਈ ਨੰਗਲ ਦੀ ਬਦਲੀ ਨੁਹਾਰ ਦੀ ਮੂੰਹ ਬੋਲਦੀ ਤਸਵੀਰ

*ਸਟੇਟ ਅਵਾਰਡੀ ਅਧਿਆਪਕਾ ਨੇ ਕੇਵਲ ਦੋ ਸਾਲ ਵਿਚ ਸਕੂਲ ਨੂੰ ਦਿੱਤੀ ਨਿਵੇਕਲੀ ਦਿੱਖ **ਮਿਸ਼ਨ ਫਤਿਹ ਤਹਿਤ ਕਰੋਨਾ ਮਹਾਂਮਾਰੀ ਦੋਰਾਨ ਵਿਦਿਆਰਥੀਆਂ ਨੂੰ ਵਿੱਦਿਆ ਨਾਲ ਜੋੜਨ ਲਈ ਕੀਤੇ ਵਿਸ਼ੇਸ ਉਪਰਾਲੇ
ਨੰਗਲ / 28 ਅਗਸਤ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਸਰਕਾਰ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਆਪਣੇ ਹਲਕੇ ਸ੍ਰੀ ਅਨੰਦਪੁਰ ਸਾਹਿਬ ਵਿਚ ਹੋਣ ਵਾਲੀਆਂ ਵਿੱਦਿਅਕ ਗਤੀਵਿਧੀਆਂ ਅਤੇ ਵਿੱਦਿਅਕ ਅਦਾਰਿਆਂ ਦੇ ਸਮਾਗਮਾਂ ਵਿਚ ਹਮੇਸ਼ਾ ਸਿੱਖਿਆ ਨੂੰ ਹੀ ਸਫਲਤਾ ਦਾ ਸਰਲ ਮਾਧਿਅਮ ਹੋਣ ਦੀ ਪ੍ਰੋੜਤਾ ਕਰਦੇ ਹਨ।

ਉਨ੍ਹਾਂ ਵਲੋ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਨ ਲਈ ਸੰਸਾਰ ਭਰ ਵਿਚ ਵਿੱਦਿਆ ਦੇ ਖੇਤਰ ਵਿਚ ਚੱਲ ਰਹੇ ਮੁਕਾਬਲੇ ਬਾਜੀ ਦੇ ਦੌਰ ਵਿਚ ਮਿਆਰੀ ਵਿੱਦਿਆ ਹਾਸਲ ਕਰਨ ਦੀ ਪ੍ਰੇਰਨਾ ਦਿੱਤੀ ਜਾ ਰਹੀ ਹੈ। ਜਿਸ ਦੇ ਨਤੀਜੇ ਵਜੋਂ ਇਸ ਖੇਤਰ ਦੇ ਸਰਕਾਰੀ ਸਕੂਲਾਂ ਵਿਚ ਹੁਣ ਵਿੱਦਿਆ ਦੇ ਨਾਲ ਨਾਲ ਬੁਨਿਆਦੀ ਢਾਚੇ ਦੇ ਵਿਕਾਸ ਵਿਚ ਵੀ ਜਿਕਰਯੋਗ ਬਦਲਾਓ ਆਇਆ ਹੈ।ਸਰਕਾਰੀ ਫੰਡਾਂ ਦੇ ਨਾਲ ਨਾਲ ਸਕੂਲ ਪ੍ਰਬੰਧਕਾਂ ਦੀ ਅਣਥੱਕ ਮਿਹਨਤ ਅਤੇ ਆਮ ਲੋਕਾਂ ਦੀ ਭਾਗੇਦਾਰੀ ਨਾਲ ਬਹੁਤ ਸਾਰੇ ਸਕੂਲਾ ਨੂੰ ਜਿੱਥੇ ਨਿਵੇਕਲੀ ਦਿੱਖ ਮਿਲੀ ਹੈ ਉਥੇ ਵਿਦਿਆਰਥੀਆਂ ਨੇ ਵੀ ਵੱਖ ਵੱਖ ਮੋਕਿਆਂ ਉਤੇ ਚੰਗੀਆਂ ਪ੍ਰਾਪਤੀਆਂ ਕੀਤੀਆ ਹਨ। ਕਰੋਨਾ ਮਹਾਮਾਰੀ ਦੇ ਦੋਰ ਵਿਚ ਵੀ ਸਿੱਖਿਆਂ ਦਾ ਮਿਆਰ ਬਰਕਰਾਰ ਰੱਖਣ ਲਈ ਵਿਦਿਆਰਥੀਆ ਨੂੰ ਵਿੱਦਿਆ ਨਾਲ ਜ਼ੋੜ ਕੇ ਰੱਖਣ ਲਈ ਅਧਿਆਪਕਾਂ ਨੇ ਵੱਖ ਵੱਖ ਤਕਨੀਕਾਂ ਦਾ ਸਹਾਰਾ ਲੈ ਕੇ ਵਿਦਿਆਰਥੀਆਂ ਨੂੰ ਵਿੱਦਿਆ ਨਾਲ ਜੋੜਿਆ ਹੈ।

ਸਰਕਾਰੀ ਸਕੂਲ ਵਿਚ ਕੇਵਲ ਦੋ ਸਾਲ ਵਿਚ ਹੋਈ ਜਿਕਰਯੋਗ ਤਬਦੀਲੀ ਅਤੇ ਨਿਵੇਕਲੀ ਦਿੱਖ ਦਾ ਅਜਿਹਾ ਨਜ਼ਾਰਾ ਪੇਸ਼ ਹੁੰਦਾ ਹੈ ਜਿਵੇਂ ਕਿਸੇ ਅਤਿ ਆਧੁਨਿਕ ਮਾਡਲ ਜਾਂ ਕਾਨਵੈਂਟ ਸਕੂਲ ਵਿਚ ਪਹੁੰਚ ਗਏ ਹੋਈਏ।ਇਸ ਸਕੂਲ ਨੂੰ ਅਤਿ ਆਧੁਨਿਕ ਅਤੇ ਨਿਵੇਕਲੀ ਦਿੱਖ ਦੇਣ ਦਾ ਸਿਹਰਾ ਸਟੇਟ ਅਵਾਰਡੀ ਅਧਿਆਪਕਾ ਸ੍ਰੀਮਤੀ ਰੇਣੂ ਕੌਸ਼ਲ ਦੇ ਸਿਰ ਹੈ। ਜਿਸਨੇ ਸਕੂਲ ਪ੍ਰਤੀ ਆਪਣੀ ਸੱਚੀ ਨਿਸ਼ਠਾ ਤੇ ਲਗਨ ਨੂੰ ਨਿਭਾਉਂਦਿਆਂ ਕੇਵਲ ਦੋ ਸਾਲ ‘ਚ ਹੀ ਸਕੂਲ ਦੀ ਕਾਇਆ ਕਲਪ ਕਰ ਕੇ ਰੱਖ ਦਿੱਤੀ।

ਸਟੇਟ ਐਵਾਰਡ ਲੈਣ ਪਿੱਛੋਂ ਇਸ ਅਧਿਆਪਕਾ ਦੀ ਆਪਣੀ ਬਦਲੀ ਅਜਿਹੇ ਸਕੂਲ ਵਿਚ ਹੋਈ ਜਿੱਥੇ ਓਹਨਾਂ ਦੀ ਮਿਹਨਤ ਦੀ ਜ਼ਿਆਦਾ ਜ਼ਰੂਰਤ ਸੀ।ਜੁਲਾਈ 2018 ਵਿਚ 30 ਵਿੱਦਿਆਰਥੀਆਂ ਵਾਲੇ ਇਸ ਸਕੂਲ ਵਿਚ ਜੁਆਇਨ ਕਰਨ ਉਪਰੰਤ ਉਹਨਾਂ ਨੇ ਇੰਚਾਰਜ ਅਧਿਆਪਕਾ ਸ਼ਵੇਤਾ, ਐਸ ਐਮ ਸੀ, ਮਾਪੇ,ਵਿੱਦਿਆਰਥੀਆਂ ਅਤੇ ਕੁੱਕਾਂ ਦੇ ਸਹਿਯੋਗ ਨਾਲ ਸਕੂਲ ਨੂੰ ਨਿਵੇਕਲੀ ਦਿੱਖ ਦੇਣ ਦਾ ਫੇੈਸਲਾ ਕੀਤਾ।ਸਕੂਲ ਸਟਾਫ ਵਲੋ ਆਮ ਲੋਕਾਂ, ਐਨ.ਆਰ.ਆਈ, ਦਾਨੀ ਸੱਜਣਾ ਅਤੇ ਸਕੂਲ ਨੂੰ ਮਿਲਣ ਵਾਲੇ ਫੰਡਾਂ ਨਾਲ ਪੀਣ ਵਾਲੇ ਪਾਣੀ, ਬਰਤਨ ਧੋਣ ਲਈ ਖੂਬਸੂਰਤ ਸ਼ੈੱਡ ਬਣਾਈ ਗਈ। ਬੀ ਬੀ ਐਮ ਬੀ ਵਿਭਾਗ ਵੱਲੋਂ ਸਮਿੰਟਿਡ ਸਲੈਬਾਂ ਰਖਵਾ ਕੇ ਬੱਚਿਆਂ ਦੇ ਖੇਡਣ ਜੋਗੀ ਜਗ੍ਹਾ ਬਣਵਾਈ ਅਤੇ ਕਮਰਿਆਂ ਵਿਚ ਫਲੋਰ ਟਾਈਲਾ ਲਗਵਾਈਆ ਗਈਆ।ਦੇਖਦੇ ਹੀ ਦੇਖਦੇ ਪਲਾਸਟਿਕ ਦੀਆਂ ਖ਼ਾਲੀ ਬੋਤਲਾਂ,ਪੁਰਾਣੇ ਗੱਤੇ,ਪੱਥਰਾਂ ਅਤੇ ਟੁੱਟੇ ਭੱਜੇ ਬੇਕਾਰ ਸਮਾਨ ਤੋਂ ਸਿੱਖਣ-ਸਿਖਾਉਣ ਸਮੱਗਰੀ ਤਿਆਰ ਕਰ ਕੇ ਸਕੂਲ ‘ਚ ਸਜਾ ਦਿੱਤੀ ਗਈ।ਰੰਗ ਬਿਰੰਗੇ ਸੁੰਦਰ ਚਾਰਟਾਂ ਨਾਲ ਹਰ ਵਿਸ਼ੇ ਨਾਲ ਸੰਬੰਧਿਤ ਟੀਚਿੰਗ ਏਡ ਬਣਾ ਕੇ ਦੀਵਾਰਾਂ ਤੇ ਟੰਗ ਦਿਤੀਆ ਗਈਆ।ਇਸ ਵਿਚ ਸਿਖਿਆਰਥੀ ਅਧਿਆਪਕ ਸਵਿਤਾ ਦਾ ਯੋਗਦਾਨ ਕਾਬਿਲੇ ਤਾਰੀਫ਼ ਰਿਹਾ।ਛੁੱਟੀ ਵਾਲੇ ਦਿਨ ਵੀ ਅਧਿਆਪਕ ਸਕੂਲ ਆ ਕੇ ਕੰਧਾਂ ਤੇ ਸਿੱਖਿਆਦਾਇਕ ਚਿੱਤਰ ਬਣਾਉਂਦੇ ਹਨ ਜਿਸ ਨਾਲ ਹੁਣ ਦੀਵਾਰਾਂ ਵੀ ਮੁਸਕੁਰਾਉਂਦੀਆਂ ਨਜ਼ਰ ਆਉਂਦੀਆਂ ਹਨ ਜਿਸ ਨਾਲ ਬੱਚਿਆਂ ਵਿੱਚ ਵੀ ਸਿਰਜਣਾਤਮਕ ਰੁਚੀਆਂ ਉੱਭਰ ਆਈਆਂ।

ਇਸ ਸਕੂਲ ਵਿਚ ਸਰਕਾਰ ਵਲੋਂ ਆਈਆਂ ਗਰਾਂਟਾਂ ਨੂੰ ਵੀ ਢੁਕਵੇ ਢੰਗ ਨਾਲ ਵਰਤਿਆ ਗਿਆ।ਸਕੂਲ ਸਟਾਫ ਵਲੋ ਵਿਦਿਆਰਥੀਆਂ ਵਿਚ ਹੋਰ ਹੁਨਰਾਂ ਜਿਵੇਂ ਸੁੰਦਰ ਲਿਖਾਈ,ਪੇਟਿੰਗ, ਐਕਟਿੰਗ,ਨਾਚ,ਭਾਸ਼ਣ ਕੈੱਲੀਗ੍ਰਾਫੀ ਆਦਿ ਪੈਦਾ ਕਰਨ ਤੇ ਜ਼ੋਰ ਦਿੱਤਾ ਜਾਣ ਲੱਗਾ। ਨਰਸਰੀ ਕਾਰਨਰ ਦੀ ਸੁੰਦਰਤਾ ਛੋਟੇ ਬੱਚਿਆਂ ਨੂੰ ਆਪ ਮੁਹਾਰੇ ਆਪਣੇ ਵੱਲ ਖਿੱਚਦੀ ਹੈ।ਹਰ ਆਉਂਦਾ ਜਾਂਦਾ ਵਿਅਕਤੀ ਸਕੂਲ ਦੀ ਸੁੰਦਰਤਾ ਦੇਖ ਕੇ ਕਹਿ ਉੱਠਦਾ ਹੈ ਸਕੂਲ ਨਿਰਾ ਸਵਰਗ ਜਾਪਦਾ ਹੈ।ਰੀਡਿੰਗ ਕਾਰਨਰ ਵਿਚੋਂ ਬੱਚੇ ਆਪਣੀ ਡਿਊਟੀ ਅਨੁਸਾਰ ਬਾਕੀ ਬੱਚਿਆਂ ਨੂੰ ਕਿਤਾਬਾਂ ਇਸ਼ੂ ਕਰਦੇ ਅਤੇ ਹਾਊਸਾਂ ਅਨੁਸਾਰ ਵੰਡੀ ਜਿੰਮੇਦਾਰੀ ਨੂੰ ਖੁਸ਼ੀ ਖੁਸ਼ੀ ਨਿਭਾਉਂਦੇ।ਲੋੜਵੰਦ ਬੱਚਿਆਂ ਨੂੰ ਹਰ ਸੰਭਵ ਮਦਦ ਮੁੱਹਈਆ ਕਰਵਾਈ ਜਾਂਦੀ। ਮਿਹਨਤ ਦਾ ਇਹ ਸਿੱਟਾ ਨਿਕਲਿਆ ਹੈ ਕਿ ਵਿੱਦਿਆਰਥੀਆਂ ਨੇ ਪੜ੍ਹੋ ਪੰਜਾਬ ਦੇ ਵਧੀਆ ਨਤੀਜੇ ਤਾਂ ਪ੍ਰਾਪਤ ਕੀਤੇ ਹੀ ਹਨ ,ਵਿੱਦਿਅਕ ਮੁਕਾਬਲਿਆਂ ਵਿਚ ਕੈਲੀਗ੍ਰਾਫੀ ਵਿਚ ਬਲਾਕ ਲੈਵਲ ਤੇ ਮੋਹਰੀ ਰਹਿ ਕੇ ਆਪਣੀ ਜਗ੍ਹਾ ਵੀ ਬਣਾਈ ਹੈ। ਸ੍ਰੀ ਅਜੈ ਕੁਮਾਰ ਨੇ ਬਤੌਰ ਹੈੱਡ ਟੀਚਰ ਜੁਆਇਨ ਕੀਤਾ। ਮੈਡਮ ਰੇਣੂ ਕੌਸ਼ਲ ਦੇ ਯਤਨਾਂ ਨਾਲ ਦੋ ਸਾਲਾਂ ਚ ਲਗਭਗ ਡੇਢ ਲੱਖ ਦੀ ਦਾਨ ਰਾਸ਼ੀ ਇਕੱਠੀ ਕੀਤੀ ਗਈ।ਸਕੂਲ ‘ਚ ਹਰ ਸਮਾਰੋਹ ਪੂਰੇ ਜੋਸ਼ ਨਾਲ ਮਨਾਇਆ ਜਾਂਦਾ। ਸਮੂਹ ਸਟਾਫ ਨੇ ਸਕੂਲ ਸਮੇਂ ਤੋਂ ਬਾਅਦ ਵੀ ਕਲਾਸਾਂ ਲਗਾ ਕੇ ਜਿੱਥੇ ਬੱਚਿਆਂ ਦੇ ਮਾਪਿਆਂ ਦੇ ਦਿਲਾਂ ਵਿਚ ਆਪਣੀ ਜਗ੍ਹਾ ਬਣਾਈ ਓਥੇ ਨਾਲ ਹੀ ਦਾਖਲੇ ਲਈ ਰੈਲੀਆਂ ਕਰ ਕੇ ਇਨਰੋਲਮੈਂਟ 75 ਤਕ ਪਹੁੰਚਾ ਦਿਤੀ। ਪਿਛਲੇ ਪੰਜ ਮਹੀਨੇ ਦੋਰਾਨ ਕਰੋਨਾ ਮਹਾਂਮਾਰੀ ਦੇ ਪ੍ਰਭਾਵ ਦੇ ਚੱਲਦੇ ਵਿਦਿਆਰਥੀਆਂ ਨੂੰ ਮਿਆਰੀ ਵਿੱਦਿਆ ਦੇਣ ਲਈ ਸਕੂਲ ਦੇ ਸਟਾਫ ਅਤੇ ਪ੍ਰਬੰਧਕਾਂ ਵਲੋਂ ਤਕਨੀਕੀ ਸਹਾਰਾ ਲੈ ਕੇ ਵਿਦਿਆਰਥੀਆਂ ਨੂੰ ਲਗਾਤਾਰ ਵਿੱਦਿਆ ਦੇ ਨਾਲ ਜੋੜਿਆ ਹੋਇਆ ਹੈ। ਵਿਦਿਆਰਥੀਆਂ ਨੂੰ ਮਿਸ਼ਨ ਫਤਿਹ ਤਹਿਤ ਕਰੋਨਾ ਮਹਾਂਮਾਰੀ ਤੋ ਬਚਾਓ ਅਤੇ ਕੋਵਿਡ ਦੀਆਂ ਸਾਵਧਾਨੀਆਂ ਵਾਰ ਵਾਰ ਹੱਥ ਧੋਣ, ਮਾਸਕ ਪਹਿਨਣਾ, ਸਮਾਜਿਕ ਵਿੱਥ ਰੱਖਣਾ ਅਤੇ ਆਲੇ ਦੁਆਲੇ ਦੀ ਸਾਫ ਸਫਾਈ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ।