ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਦੇ ਵਿਦਿਆਰਥੀ ਨੇ ‘ਅੰਬੈਸਡਰਜ਼ ਆਫ਼ ਹੋਪ’ ’ਚ ਹੁਸ਼ਿਆਰਪੁਰ ਜ਼ਿਲ੍ਹੇ ’ਚੋਂ ਜਿੱਤਿਆ ਪਹਿਲਾ ਇਨਾਮ

*ਸਕੂਲ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਜੇਤੂਆਂ ਨੂੰ ਸੋਸ਼ਲ ਮੀਡੀਆ ਰਾਹੀਂ ਦਿੱਤੀ ਵਧਾਈ ****ਪਹਿਲਾ ਇਨਾਮ ਸਰਕਾਰੀ ਐਲੀਮੈਂਟਰੀ ਸਕੂਲ ਝਾਂਸ ਦੇ ਅੰਸ਼ੂਮਨ ਅਰੋੜਾ, ਦੂਜਾ ਸੇਂਟ ਜੋਸਫ਼ਜ਼ ਕਾਨਵੈਂਟ ਸਕੂਨ ਦੇ ਭਵਿਆ ਤੇ ਓਜਸ ਨੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਬਿਹਾਲਾਂ ਦੀ ਮਨਦੀਪ ਕੌਰ ਨੇ ਜਿੱਤਿਆ ਤੀਜਾ ਇਨਾਮ
ਹੁਸ਼ਿਆਰਪੁਰ / 06 ਅਗਸਤ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਸੋਸ਼ਲ ਮੀਡੀਆ ’ਤੇ ‘ਅੰਬੈਸਡਰਜ਼ ਆਫ਼ ਹੋਪ’ ਮੁਕਾਬਲੇ ਦੇ ਜੇਤੂਆਂ ਦੇ ਨਾਮ ਐਲਾਨਣ ਮਗਰੋਂ ਹੁਸ਼ਿਆਰਪੁਰ ਜ਼ਿਲ੍ਹੇ ’ਚੋਂ ਪਹਿਲੇ ਤਿੰਨ ਸਥਾਨਾਂ ’ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਮੁਕਾਬਲੇ ’ਚ ਅੱਵਲ ਰਹਿਣ ’ਤੇ ਵਧਾਈ ਦਿੱਤੀ। ਇਸਦੇ ਨਾਲ ਹੀ ਉਨ੍ਹਾਂ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਭਵਿੱਖ ’ਚ ਹੋਰ ਤਰੱਕੀਆਂ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਤੇ ਲੋੜ ਪੈਣ ’ਤੇ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ। ਸਿੱਖਿਆ ਮੰਤਰੀ ਨੇ ਕਿਹਾ ਕਿ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਝਾਂਸ ’ਚ ਦੂਸਰੀ ਜਮਾਤ ਵਿਚ ਪੜ੍ਹਦੇ ਅੰਸ਼ੂਮਨ ਅਰੋੜਾ ਨੇ ਆਪਣੇ ਹੌਸਲੇ ਤੇ ਪੇਸ਼ਕਾਰੀ ਨਾਲ ਸਭ ਦਾ ਦਿਲ ਜਿੱਤਿਆ ਹੈ। ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਅੰਸ਼ੂਮਨ ਦੇ ਮਾਤਾ-ਪਿਤਾ ਦੋਵੇਂ ਸਰਕਾਰੀ ਅਧਿਆਪਕ ਹਨ ਤੇ ਉਨ੍ਹਾਂ ਨੇ ਆਪਣੇ ਬੱਚੇ ਨੂੰ ਸਰਕਾਰੀ ਸਕੂਲ ’ਚ ਦਾਖ਼ਲ ਕਰਵਾ ਦੂਸਰਿਆਂ ਲਈ ਮਿਸਾਲ ਪੈਦਾ ਕੀਤੀ ਹੈ। ਉਨ੍ਹਾਂ ਅੰਸ਼ੂਮਨ ਦੇ ਮਾਤਾ ਪਿਤਾ ਅਤੇ ਸਕੂਲ ਦੇ ਪੂਰੇ ਸਟਾਫ਼ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।
ਜ਼ਿਕਰਯੋਗ ਹੈ ਕਿ ਕੋਵਿਡ-19 ਦੀ ਮਹਾਂਮਾਰੀ ਕਾਰਨ ਲਗਾਏ ਗਏ ਲੌਕਡਾਊਨ ਦੌਰਾਨ ਵਿਦਿਆਰਥੀਆਂ ਦੇ ਹੁਨਰ ਤਰਾਸ਼ਣ ਲਈ ਸ਼੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ‘ਅੰਬੈਸਡਰਜ਼ ਆਫ਼ ਹੋਪ’ ਨਾਂ ਦਾ ਆਨਲਾਇਨ ਮੁਕਾਬਲਾ ਚਲਾਇਆ ਗਿਆ ਸੀ ਜਿਸ ਨੂੰ ਪੰਜਾਬ ਭਰ ’ਚੋਂ ਭਰਪੂਰ ਹੁੰਗਾਰਾ ਮਿਲਿਆ ਸੀ। ਆਪਣੀ ਤਰ੍ਹਾਂ ਦੇ ਇਸ ਪਹਿਲੇ ਮੁਕਾਬਲੇ ’ਚ ਸਿਰਫ਼ ਅੱਠ ਦਿਨਾਂ ’ਚ ਸੂਬੇ ’ਚੋਂ 1 ਲੱਖ ਪੰਜ ਹਜ਼ਾਰ ਵਿਦਿਆਰਥੀਆਂ ਨੇ ਆਪਣੀ ਦਾਅਵੇਦਾਰੀ ਪੇਸ਼ ਕਰਕੇ ਇਸਨੂੰ ਵਿਸ਼ਵ ਰਿਕਾਰਡ ਬਣਾ ਦਿੱਤਾ ਸੀ। ਹੁਣ ਸ਼੍ਰੀ ਸਿੰਗਲਾ ਵੱਲੋਂ ਇਸ ਮੁਕਾਬਲੇ ’ਚ ਹਰ ਜ਼ਿਲ੍ਹੇ ’ਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ’ਤੇ ਆਉਣ ਵਾਲੇ ਵਿਦਿਆਰਥੀਆਂ ਦੇ ਨਾਂਵਾਂ ਦਾ ਐਲਾਨ ਕੀਤਾ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਹੁਸ਼ਿਆਰਪੁਰ ਜ਼ਿਲ੍ਹੇ ’ਚੋਂ ਇਸ ਮੁਕਾਬਲੇ ਲਈ 2,449 ਵਿਦਿਆਰਥੀਆਂ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ। ਇਨ੍ਹਾਂ ’ਚੋਂ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਝਾਂਸ (ਟਾਂਡਾ) ’ਚ ਦੂਸਰੀ ਕਲਾਸ ’ਚ ਪੜ੍ਹਦੇ ਅੰਸ਼ੂਮਨ ਨੇ ਪਹਿਲਾ ਸਥਾਨ ਹਾਸਿਲ ਕਰਕੇ ਐਪਲ ਦੀ ਆਈਪੈਡ ਜਿੱਤੀ ਹੈ ਜਦਕਿ ਸੇਂਟ ਜੋਸਫ਼ਜ਼ ਕਾਨਵੈਂਟ ਸਕੂਲ ’ਚ ਅੱਠਵੀਂ ਕਲਾਸ ’ਚ ਪੜ੍ਹਦੀ ਭਵਿਆ ਸ਼ਰਮਾ ਤੇ ਪਹਿਲੀ ਜਮਾਤ ’ਚ ਪੜ੍ਹਦੇ ਓਜਸ ਸ਼ਰਮਾ ਨੇ ਦੂਸਰਾ ਸਥਾਨ ਹਾਸਲ ਕਰਕੇ ਲੈਪਟੌਪ ਜਿੱਤਿਆ ਹੈ। ਇਸਦੇ ਨਾਲ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਬੀਹਲਾਂ ’ਚ 10ਵੀਂ ਜਮਾਤ ’ਚ ਪੜ੍ਹਦੀ ਵਿਦਿਆਰਥਣ ਮਨਦੀਪ ਕੌਰ ਨੇ ਤੀਸਰੇ ਸਥਾਨ ’ਤੇ ਰਹਿ ਕੇ ਐਂਡਰੋਇਡ ਟੈਬਲੇਟ ਜਿੱਤੀ ਹੈ।
ਪਹਿਲੇ ਸਥਾਨ ’ਤੇ ਰਹਿਣ ਵਾਲੇ ਅੰਸ਼ੂਮਨ ਦੇ ਪਿਤਾ ਨਰਿੰਦਰ ਅਰੋੜਾ, ਜੋ ਕਿ ਉਸਦੇ ਸਕੂਲ ਦੇ ਅਧਿਆਪਕ ਵੀ ਹਨ, ਨੇ ਦੱਸਿਆ ਕਿ ਅੰਸ਼ੂਮਨ ਭੰਗੜੇ ਅਤੇ ਐਕਟਿੰਗ ਦਾ ਬਹੁਤ ਸ਼ੌਕੀਨ ਹੈ ਅਤੇ ਸੂਬਾ ਪੱਧਰ ਤੱਕ ਭੰਗੜੇ ’ਚ ਧਮਾਲਾਂ ਪਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਅੰਸ਼ੂਮਨ ਦੇ ਪਹਿਲੇ ਸਥਾਨ ’ਤੇ ਆਉਣ ’ਤੇ ਉਨ੍ਹਾਂ ਨੂੰ ਹੀ ਨਹੀਂ ਸਗੋਂ ਪੂਰੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਹੈ।

ਇਸੇ ਤਰ੍ਹਾਂ ਦੂਸਰੇ ਸਥਾਨ ’ਤੇ ਰਹਿਣ ਵਾਲੀ ਭਵਿਆ ਤੇ ਓਜਸ ਭੈਣ-ਭਰਾ ਦੀ ਜੋੜੀ ਨੂੰ ਵੀ ਜ਼ਿਲ੍ਹੇ ’ਚੋਂ ਦੂਜੇ ਸਥਾਨ ’ਤੇ ਆਉਣ ’ਤੇ ਬਹੁਤ ਖ਼ੁਸ਼ੀ ਮਹਿਸੂਸ ਹੋਈ ਹੈ। ਭਵਿਆ ਤੇ ਓਜਸ ਦੇ ਮਾਤਾ ਪੁਲਕਿਤਾ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਅਧਿਆਪਕ ਤੇ ਬੇਟਾ ਇੰਜੀਨੀਅਰ ਬਣਨਾ ਚਾਹੁੰਦਾ ਹੈ ਅਤੇ ਮੁਕਾਬਲੇ ’ਚ ਜਿੱਤਣਾ ਉਨ੍ਹਾਂ ਦੇ ਸੁਪਨੇ ਸਾਕਾਰ ਹੋਣ ਵਰਗਾ ਹੈ।