ਬਠਿੰਡਾ : ਕੋਵਿਡ 19 ਦੇ ਤਿੰਨ ਨਵੇਂ ਮਾਮਲੇ ਸਾਹਮਣੇ ਆਏ **ਸ੍ਰੀ ਗੰਗਾਨਗਰ ਤੋਂ ਪਰਤੇ ਇਕੋ ਪਰਿਵਾਰ ਦੇ ਹਨ ਤਿੰਨੇ ਜੀਅ
ਬਠਿੰਡਾ / 4 ਜੂਨ / ਨਿਊ ਸੁਪਰ ਭਾਰਤ ਨਿਊਜ
ਬਠਿੰਡਾ ਜ਼ਿਲੇ ਵਿਚ ਕੋਵਿਡ 19 ਬਿਮਾਰੀ ਦੇ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਜ਼ਿਲੇ ਵਿਚ ਕਰੋਨਾ ਪਾਜਿਟਿਵ ਐਕਟਿਵ ਕੇਸਾਂ ਦੀ ਗਿਣਤੀ ਵੱਧ ਕੇ 12 ਹੋ ਗਈ ਹੈ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦਿੱਤੀ ਹੈ। ਉਨਾਂ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਤਿੰਨੋ ਲੋਕ ਇਕੋ ਪਰਿਵਾਰ ਦੇ ਮੈਂਬਰ ਹਨ ਅਤੇ ਇਹ 1 ਜੂਨ ਨੂੰ ਸ੍ਰੀ ਗੰਗਾਨਗਰ ਤੋਂ ਪਰਤੇ ਸਨ 2 ਜੂਨ ਨੂੰ ਇੰਨਾਂ ਦੇ ਨਮੂਨੇ ਲਏ ਗਏ ਸਨ ਜਿੰਨਾਂ ਦੀ ਰਿਪੋਰਟ ਅਨੁਸਾਰ ਇਹ ਤਿੰਨੋਂ ਪਾਜਿਟਿਵ ਪਾਏ ਗਏ ਹਨ।ਉਨਾਂ ਨੇ ਦੱਸਿਆ ਕਿ ਇੰਨਾਂ ਨੂੰ ਜ਼ਿਲੇ ਵਿਚ ਆਉਣ ਤੋਂ ਲੈਕੇ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਘਰ ਵਿਖੇ ਹੀ ਇਕਾਂਤਵਾਸ ਕੀਤਾ ਹੋਇਆ ਸੀ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਘਬਰਾਹਟ ਵਿਚ ਨਾ ਆਉਣ ਪਰ ਨਾਲ ਦੀ ਨਾਲ ਸਿਹਤ ਵਿਭਾਗ ਵੱਲੋਂ ਦੱਸੀ ਗਈ ਹਰ ਸਾਵਧਾਨੀ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇ। ਉਨਾਂ ਨੇ ਦੱਸਿਆ ਕਿ ਜ਼ਿਲੇ ਵਿਚ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਨੂੰ ਸਰਕਾਰੀ ਇਕਾਂਤਵਾਸ ਵਿਚ ਜਾਂ ਹੋਟਲ ਵਿਚ ਰੱਖਿਆ ਜਾਂਦਾ ਹੈ ਜਦ ਕਿ ਦੂਜੇ ਸੂਬਿਆਂ ਤੋਂ ਆਊਣ ਵਾਲੇ ਲੋਕਾਂ ਨੂੰ ਭਾਰਤ ਸਰਕਾਰ ਦੀਆਂ ਗਾਇਡਲਾਈਨ ਅਨੁਸਾਰ ਘਰਾਂ ਅੰਦਰ ਹੀ ਇਕਾਂਤਵਾਸ ਕੀਤਾ ਜਾਂਦਾ ਹੈ।